Advertisement

Responsive Advertisement

ਪੰਜਾਬੀਅਤ ਦੇ ਰੰਗ ਵਿੱਚ ਰੰਗਿਆ - ਧਨੀ ਰਾਮ ਚਾਤ੍ਰਿਕ

            ਪੰਜਾਬੀਅਤ ਦੇ ਰੰਗ ਵਿੱਚ ਰੰਗਿਆ-ਧਨੀ ਰਾਮ ਚਾਤ੍ਰਿਕ
         

          ਵਾਰਿਸ ਸ਼ਾਹ ਤੋਂ ਬਾਅਦ ਧਨੀ ਰਾਮ ਚਾਤ੍ਰਿਕ ਪੰਜਾਬੀ ਦੇ ਉਹ ਮਹਾਨ ਕਵੀ ਹੋਏ ਹਨ, ਜਿਨ੍ਹਾਂ ਦੀਆਂ ਕਵਿਤਾਵਾਂ ਵਿੱਚ ਜਿਉਂਦਾ ਜਾਗਦਾ ਹੱਸਦਾ ਖੇਡਦਾ ਅਤੇ ਧੜਕਦਾ ਪੰਜਾਬ ਉੱਘੜ ਕੇ ਸਾਡੇ ਸਾਹਮਣੇ ਸਾਕਾਰ ਹੁੰਦਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅਥਾਹ ਪਿਆਰ ਉਸ ਦੀ ਰਗ-ਰਗ ਵਿੱਚ ਸਮਾਇਆ ਹੋਇਆ ਸੀ। 
          ਉਹ ਆਧੁਨਿਕ ਪੰਜਾਬੀ ਸਾਹਿਤ ਦੇ ਪਹਿਲੇ ਕਵੀ ਹਨ, ਜਿਨ੍ਹਾਂ ਦੀਆਂ ਰਚਨਾਵਾਂ ਨੂੰ ਪੰਜਾਬ ਦੀ ਧਰਤੀ ਦੀ ਛੋਹ ਹਾਸਲ ਹੈ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਪੰਜਾਬ ਦੇ ਮੇਲੇ, ਖੇਤ, ਕਿਰਤੀ, ਕਿਸਾਨ, ਮਜ਼ਦੂਰ, ਮਾਲ, ਢਾਂਡੇ, ਤੂੜੀ, ਡੰਗਰਾਂ, ਪਸ਼ੂਆਂ, ਵਾਗੀਆਂ, ਹਾਲੀਆਂ, ਪੰਜਾਲੀਆਂ, ਖੁਰਲੀਆਂ, ਰੁੱਖਾਂ, ਰੁੱਤਾਂ ਆਦਿ ਦਾ ਵਰਣਨ ਬਹੁਤ ਹੀ ਮੋਹ ਅਤੇ ਤਿਉ ਸਹਿਤ ਕੀਤਾ ਗਿਆ ਹੈ। 
          ਉਨ੍ਹਾਂ ਪੰਜਾਬੀਆਂ ਦੇ ਰਹਿਣ ਸਹਿਣ, ਦੇਸ਼ ਭਗਤੀ, ਹਿੰਦੂ ਮੁਸਲਮਾਨ ਸਿੱਖਾਂ ਦੇ ਪਿਆਰ ਭਰੇ ਨਿੱਘੇ ਇਤਫ਼ਾਕ ਭਰੇ ਸੰਬੰਧਾਂ ਨੂੰ ਬਹੁਤ ਹੀ ਰੀਝ ਅਤੇ ਨੀਝ ਨਾਲ਼ ਚਿੱਤਰਿਆ ਹੈ। ਉਨ੍ਹਾਂ ਆਪਣੀ ਕਵਿਤਾ ਨੂੰ ਰੋਮਾਂਸ ਦੀ ਚਾਸ਼ਨੀ ਵਿੱਚ ਰੰਗਣ ਦੇ ਬਾਵਜੂਦ ਵੀ ਸਦਾਚਾਰਕਤਾ ਅਤੇ ਸਮਾਜਿਕਤਾ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਆਧੁਨਿਕ ਪੰਜਾਬੀ ਕਵਿਤਾ ਨੂੰ ਅਧਿਆਤਮਵਾਦ ਤੋਂ ਨਿਖੇੜ ਕੇ ਸਮਾਜਿਕ ਲੀਹਾਂ ਉੱਤੇ ਪਾਇਆ।
           ਧਨੀ ਰਾਮ ਚਾਤ੍ਰਿਕ ਦਾ ਜਨਮ ਪਿੰਡ ਪੱਸੀਆਂ ਵਾਲ਼ਾ ਜ਼ਿਲ੍ਹਾ ਸਿਆਲਕੋਟ ਵਿੱਚ ਲਾਲਾ ਪਹੂ ਮੱਲ ਦੇ ਘਰ ਚਾਰ ਅਕਤੂਬਰ 1876 ਈਸਵੀ ਨੂੰ ਹੋਇਆ। ਆਪ ਦੀ ਉਮਰ ਅਜੇ ਬਹੁਤ ਛੋਟੀ ਸੀ, ਜਦੋਂ ਪਿਤਾ ਰੋਜ਼ੀ ਰੋਟੀ ਦੀ ਖ਼ਾਤਰ ਲੋਪੋਕੀ ਜ਼ਿਲ੍ਹਾ ਅੰਮ੍ਰਿਤਸਰ ਆ ਗਏ ਸਨ। ਪੰਜਾਬੀ ਭਾਸ਼ਾ ਉਨ੍ਹਾਂ ਆਪਣੇ ਪਿਤਾ ਕੋਲੋਂ ਅਤੇ ਉਰਦੂ ਪਿੰਡ ਦੇ ਸਕੂਲ ਵਿੱਚ ਪੜ੍ਹਨਾ ਸਿੱਖਿਆ।
          ਉਨ੍ਹਾਂ ਦੇ ਚਾਚੇ ਨੂੰ ਗਾਉਣ ਦਾ ਬੜਾ ਸ਼ੌਂਕ ਸੀ। ਉਹ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਹੋ ਰਹੀਆਂ ਰਾਸਾਂ, ਤਮਾਸ਼ਿਆਂ, ਮੇਲਿਆਂ, ਛਿੰਜਾਂ, ਭਜਨ ਮੰਡਲੀਆਂ, ਰਾਮ ਲੀਲ੍ਹਾ, ਰਾਸ ਲੀਲ੍ਹਾ ਆਦਿ ਵਿੱਚ ਆਪ ਨੂੰ ਲੈ ਜਾਂਦਾ ਸੀ। ਇਨ੍ਹਾਂ ਸਮਾਗਮਾਂ ਵਿੱਚ ਸੁਣੇ ਗੀਤ, ਭਜਨ, ਬੋਲੀਆਂ ਆਦਿ ਨੇ ਆਪ ਦੀ ਰਚਨਾ ਉੱਤੇ ਬਹੁਤ ਸਾਰਥਕ, ਡੂੰਘਾ, ਮੌਲਣ ਅਤੇ ਗੌਲਣਯੋਗ ਪ੍ਰਭਾਵ ਪਾਇਆ।
          ਆਪ ਨੇ ਭਾਈ ਵੀਰ ਸਿੰਘ ਦੇ ਵਜ਼ੀਰ ਹਿੰਦ ਪ੍ਰੈਸ ਵਿੱਚ 1893 ਈਸਵੀ ਵਿੱਚ ਨੌਕਰੀ ਕਰ ਲਈ। ਉੱਥੇ ਹੀ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਪੜ੍ਹਨ, ਲਿਖਣ ਦੀ ਡੂੰਘੀ ਚੇਟਕ ਲੱਗ ਗਈ। 
          ਪੰਜਾਬੀ ਛਪਾਈ ਨੂੰ ਸੁੰਦਰ ਬਣਾਉਣ ਲਈ ਆਪ ਦੇ ਯਤਨ ਬਹੁਤ ਹੀ ਸਲਾਹੁਣਯੋਗ ਕਾਰਜ ਹਨ।
           ਪੰਜਾਬੀ ਸਾਹਿਤ ਸਭਾ, ਅੰਮ੍ਰਿਤਸਰ ਹੋਂਦ ਵਿੱਚ ਆਈ ਤਾਂ ਚਾਤ੍ਰਿਕ ਨੂੰ ਸਰਬ ਸੰਮਤੀ ਨਾਲ਼ ਪ੍ਰਧਾਨ ਚੁਣ ਲਿਆ ਗਿਆ। ਮੌਲਾ ਬਖ਼ਸ਼ ਕੁਸ਼ਤਾ, ਹੀਰਾ ਸਿੰਘ ਦਰਦ, ਚਰਨ ਸਿੰਘ ਸ਼ਹੀਦ, ਪ੍ਰਿੰ. ਤੇਜਾ ਸਿੰਘ, ਡਾ. ਚਰਨ ਸਿੰਘ ਆਦਿ ਪੰਜਾਬੀ ਦੇ ਚੋਟੀ ਦੇ ਸਾਹਿਤਕਾਰ ਇਸ ਸਭਾ ਦੇ ਮੈਂਬਰ ਸਨ। ਸਭਾ ਦਾ ਮੁੱਖ ਉਦੇਸ਼ ਸਿੱਖ ਹਿੰਦੂ ਅਤੇ ਮੁਸਲਮਾਨਾਂ ਦੇ ਸਾਂਝੇ ਯਤਨਾਂ ਸਦਕਾ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਮਿਥਿਆ ਗਿਆ ਸੀ। ਸਭਾ ਦੇ ਉੱਦਮ ਸਦਕਾ ਹੀ ਪੰਜਾਬ ਵਿੱਚ ਪੰਜਾਬੀ ਕਵੀ ਦਰਬਾਰ ਕਰਵਾਉਣ ਦੀ ਪਰੰਪਰਾ ਆਰੰਭ ਹੋਈ।
          ਸੱਚ ਤਾਂ ਇਹ ਹੈ ਕਿ ਧਨੀ ਰਾਮ ਚਾਤ੍ਰਿਕ ਦਾ ਸਾਰਾ ਜੀਵਨ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਸਾਂਝੇ ਮਨੁੱਖੀ ਭਾਈਚਾਰੇ ਦੀ ਸਥਾਪਤੀ ਲਈ ਸਮਰਪਿਤ ਰਿਹਾ।
ਸਾਹਿਤਕ ਰਚਨਾਵਾਂ
          ਧਨੀ ਰਾਮ ਚਾਤ੍ਰਿਕ ਦਾ 'ਚੰਦਨਵਾੜੀ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਣ ਨਾਲ਼ ਉਹ ਪੰਜਾਬੀ ਦੇ ਸਿਰਮੌਰ ਕਵੀਆਂ ਦੀ ਕਤਾਰ ਵਿੱਚ ਆਣ ਖੜ੍ਹਾ ਹੋਇਆ। ਇਸ ਕਾਵਿ-ਸੰਗ੍ਰਹਿ ਵਿੱਚ ਧਾਰਮਿਕ ਰੰਗਣ, ਸਮਾਜ ਸੁਧਾਰ, ਦੇਸ਼ ਪਿਆਰ, ਸਦਾਚਾਰਕ ਸਿੱਖਿਆ, ਪ੍ਰਕਿਰਤੀ ਚਿੱਤਰਣ ਆਦਿ ਵਿਸ਼ਿਆਂ ਨਾਲ਼ ਸੰਬੰਧਿਤ ਕਵਿਤਾਵਾਂ ਦਰਜ ਕੀਤੀਆਂ ਹਨ। 
          ਦੂਜੇ ਕਾਵਿ ਸੰਗ੍ਰਹਿ 'ਕੇਸਰ ਕਿਆਰੀ' ਵਿੱਚ ਗੀਤਾਂ, ਗ਼ਜ਼ਲਾਂ, ਦੋਹੜਿਆਂ ਤੋਂ ਇਲਾਵਾ ਛੋਟੀਆਂ ਅਤੇ ਲੰਮੀਆਂ ਕਵਿਤਾਵਾਂ ਨੂੰ ਵੀ ਰਚਿਆ ਗਿਆ ਹੈ। ਇਸ ਵਿੱਚ ਧਨੀ ਅਤੇ ਅਮੀਰਾਂ ਵੱਲੋਂ ਗ਼ਰੀਬਾਂ, ਮਸਕੀਨਾਂ, ਕੰਮੀਆਂ, ਕਿਰਤੀਆਂ ਨਾਲ਼ ਕੀਤੀਆਂ ਜਾਂਦੀਆਂ ਵਧੀਕੀਆਂ, ਫਿਰਕਾਪ੍ਰਸਤੀ ਦੀ ਲਾਹਣਤ, ਆਜ਼ਾਦੀ ਦੇ ਸੁਪਨੇ ਅਤੇ ਅੰਗਰੇਜ਼ੀ ਹਕੂਮਤ ਦਾ ਡਰ ਆਦਿ ਵਿਸ਼ਿਆਂ 'ਤੇ ਕਵਿਤਾਵਾਂ ਰਚੀਆਂ ਗਈਆਂ ਮਿਲਦੀਆਂ ਹਨ। ਇਸ ਕਾਵਿ-ਸੰਗ੍ਰਹਿ ਵਿੱਚ ਕਵੀ ਸਮਾਜ ਸੁਧਾਰਕ ਕਵਿਤਾਵਾਂ ਰਚਣ ਦੇ ਨਾਲ਼-ਨਾਲ਼ ਉਹ ਰੁਮਾਂਸ ਨੂੰ ਵੀ ਬੜੀ ਸ਼ਿੱਦਤ ਨਾਲ਼ ਪੇਸ਼ ਕਰਦਾ ਹੈ।
          'ਨਵਾਂ ਜਹਾਨ' ਕਾਵਿ ਸੰਗ੍ਰਹਿ ਰਾਹੀਂ ਕਵੀ ਨੇ ਇੱਕ ਨਵਾਂ ਜਹਾਨ ਵਸਿਆ ਵੇਖਣ ਦੀ ਤੀਬਰ ਇੱਛਾ ਵਿਅਕਤ ਕੀਤੀ ਹੈ, ਜਿਸ ਵਿੱਚ ਇੱਕ ਇਨਸਾਨਸਤਾਨ ਬਣੇਗਾ, ਜਿਸ ਵਿੱਚ ਪੂਜਿਆ ਜਾਣ ਵਾਲ਼ਾ ਰੱਬ ਵੀ ਹਿੰਦੂ, ਮੁਸਲਮਾਨ ਅਤੇ ਸਿੱਖਾਂ ਦਾ ਸਾਂਝਾ ਰੱਬ ਹੋਵੇਗਾ। ਸਾਰੇ ਲੋਕ ਭਰਾ ਭਰਾ ਬਣ ਕੇ ਰਹਿਣਗੇ। ਮੰਦਿਰ, ਮਸੀਤਾਂ, ਗੁਰਦੁਆਰੇ, ਚਰਚ ਸਾਰੇ ਧਰਮਾਂ ਲਈ ਸਾਂਝੇ ਹੋਣਗੇ। ਇਸ ਕਾਵਿ- ਸੰਗ੍ਰਹਿ ਵਿੱਚ ਚਾਤ੍ਰਿਕ ਕ੍ਰਾਂਤੀ ਦੀਆਂ ਗੱਲਾਂ ਵੀ ਕਰਦਾ ਹੈ ਤਾਂ ਜੋ ਉਸ ਦੇ ਸੁਫ਼ਨਿਆਂ ਦਾ ਨਵਾਂ ਜਹਾਨ ਸਿਰਜਿਆ ਜਾ ਸਕੇ। 'ਸੂਫ਼ੀਖਾਨਾ' ਕਾਵਿ-ਸੰਗ੍ਰਹਿ ਵਿੱਚ ਸੂਫ਼ੀ ਰੰਗਤ ਦੇ ਗੀਤ, ਗ਼ਜ਼ਲਾਂ, ਕੁਝ ਫੁੱਟਕਲ ਕਵਿਤਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 
ਵਿਸ਼ਾ ਪੱਖ
          ਧਨੀ ਰਾਮ ਚਾਤ੍ਰਿਕ ਦੀ ਕਵਿਤਾ ਸਮੁੱਚੇ ਤੌਰ 'ਤੇ ਪੰਜਾਬੀਅਤ ਦੀ ਪ੍ਰਤੀਨਿੱਧਤਾ ਕਰਦੀ ਹੈ। ਪੰਜਾਬ ਦੇ ਇਤਿਹਾਸ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਬਹੁਤ ਹੀ ਖ਼ੂਬਸੂਰਤ, ਕਲਾਮਈ ਢੰਗ ਨਾਲ਼ ਆਦਰਸ਼ਵਾਦੀ ਰੰਗਣ ਵਿੱਚ ਰੰਗਿਆ ਹੈ। ਚਾਤ੍ਰਿਕ ਨੇ ਸਿੱਖ ਇਤਿਹਾਸ ਤੋਂ ਪਹਿਲਾਂ ਦੇ ਰਿਸ਼ੀਆਂ ਮੁਨੀਆਂ ਦੇ ਪੰਜਾਬ ਦੇ ਇਤਿਹਾਸਕ ਗੌਰਵ ਨੂੰ ਬਹੁਤ ਹੀ ਸੁਹਜਾਤਮਕ, ਸਦਾਚਾਰਕ, ਸਾਹਿਤਕ ਰੁਚੀਆਂ ਅਨੁਸਾਰ ਪੰਜਾਬੀਆਂ ਨੂੰ 'ਪੰਜਾਬ' ਨਾਂ ਦੀ ਕਵਿਤਾ ਵਿੱਚ ਇੰਝ ਜਾਣੂੰ ਕਰਵਾਇਆ ਹੈ -
          ਤੇਰੀ ਹੱਡਬੀਤੀ ਕੀਤੀ ਮਾਤ ਮਹਿਫ਼ਲ, 
          ਮੱਤਾਂ ਸਿੱਖੀਆਂ ਤੈਥੋਂ ਸੰਸਾਰ ਸਾਰੇ।
          ਪਹਿਲਾ ਬਾਬ ਕਿਤਾਬ ਦਾ ਧਰਤ ਤੇਰੀ,
          ਖੇਡੇ ਤੇਰੇ ਵਿੱਚ ਰਿਸ਼ੀ ਅਵਤਾਰ ਸਾਰੇ।
          'ਅੰਮ੍ਰਿਤਸਰ' ਨਾਂ ਦੀ ਕਵਿਤਾ ਵਿੱਚ ਪੰਜਾਬੀਆਂ ਨੂੰ ਪੰਜਾਬ ਦੇ ਸਮੁੱਚੇ ਇਤਿਹਾਸ ਨੂੰ ਸਾਂਝਾ ਵਿਰਸਾ ਸਮਝਣ ਦੀ ਪ੍ਰੇਰਣਾ ਇੰਝ ਦਿੱਤੀ ਹੈ -
          ਧਰਤੀਏ ਧਰਮੱਗ ਅੰਮ੍ਰਿਤਸਰ ਦੀਏ, 
          ਪੁੰਨ ਪੁਸ਼ਪਾਂ ਨਾਲ਼ ਲਹਿ ਲਹਿ ਕਰਦੀਏ!
          ਪ੍ਰੇਮ ਰਸ ਦੀ ਟਹਿਕਦੀ ਫੁੱਲਵਾੜੀਏ,
          ਸੱਚ ਦੀ ਦਰਗਾਹ ਅਰਸ਼ੀਂ ਚਾੜ੍ਹੀਏ!
          ਮੁੰਦਰੀ ਪੰਜਾਬ ਦੀ ਕੁਦਰਤ ਘੜੀ,
          ਤੂੰ ਨਗੀਨੇ ਵਤ ਗਈ ਉਸ ਤੇ ਜੜੀ।
          ਕਾਰ ਇਹ ਅਰਜਨ ਗੁਰੂ ਸਿਰ ਧਰ ਲਈ,
          ਭਾਲ ਅੰਮ੍ਰਿਤ ਕੁੰਡ ਦੀ ਫ਼ਿਰ ਕਰ ਲਈ।
          ਚਾਤ੍ਰਿਕ ਦੀ ਕਵਿਤਾ ਵਿੱਚ ਪੰਜਾਬ ਅਤੇ ਉਸ ਦੀ ਬਹੁਪੱਖੀ ਸੁੰਦਰਤਾ ਲਈ ਡੁੱਲ੍ਹ-ਡੁੱਲ੍ਹ ਪੈਂਦਾ ਮੋਹ, ਆਦਰ ਅਤੇ ਪਿਆਰ ਹੈ। ਪੰਜਾਬ ਦੀ ਸਿਫ਼ਤ ਕਰਦਿਆਂ ਉਸ ਦੀ ਜ਼ਬਾਨ ਨਹੀਂ ਥੱਕਦੀ। ਪੰਜਾਬ ਦੀ ਧਰਤੀ, ਦਰਿਆ, ਪਹਾੜ, ਜੀਵ, ਬਨਸਪਤੀ, ਰੁੱਤਾਂ, ਮੇਲੇ, ਪੰਛੀ ਆਦਿ ਸਭ ਕਵੀ ਦੀ ਕਲਮ ਰਾਹੀਂ ਲਾਸਾਨੀ ਅਤੇ ਬੇਜੋੜ ਕਲਾਤਮਕਤਾ, ਸੁੰਦਰਤਾ, ਸੁਹਜਾਤਮਕਤਾ ਪ੍ਰਾਪਤ ਕਰ ਗਏ ਹਨ। 'ਪੰਜਾਬ' ਕਵਿਤਾ ਵਿੱਚ ਉਹ ਪੰਜਾਬ ਦੀ ਬੜੀ ਰੂਹ ਨਾਲ਼ ਪੇਸ਼ਕਾਰੀ ਕਰਦਾ ਹੈ -
ਪੰਜਾਬ ਕਰਾਂ ਕੀ ਸਿਫ਼ਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤਿਰੇ।
ਜਲ ਪਉਣ ਤਿਰਾ, ਹਰਿਔਲ ਤੇਰੀ, ਦਰਿਆ ਪਰਬਤ ਮੈਦਾਨ ਤਿਰੇ।
ਭਾਰਤ ਦੇ ਸਿਰ 'ਤੇ ਛਤਰ ਤੇਰਾ, ਤੇਰੇ ਸਿਰ ਛਤਰ ਹਿਮਾਲਾ ਦਾ।
ਮੋਢੇ 'ਤੇ ਚਾਦਰ ਬਰਫ਼ਾਂ ਦੀ, ਸੀਨੇ ਵਿੱਚ ਸੇਕ ਜੁਆਲਾ ਦਾ।
          ਸਮਕਾਲੀ ਪੇਂਡੂ ਜਨ-ਜੀਵਨ, ਸੁਹਜ, ਸੁਹੱਪਣ, ਸੁੰਦਰਤਾ ਦਾ ਵਰਨਣ ਅਤੇ ਪੇਸ਼ਕਾਰੀ ਕਰਨ ਵਿੱਚ ਧਨੀ ਰਾਮ ਦਾ ਹੋਰ ਕੋਈ ਸਾਨੀ ਨਹੀਂ ਹੈ। ਪਿੰਡਾਂ ਦੀ ਖਿੱਚ ਉਸ ਦੇ ਮਨ ਨੂੰ ਮੋਂਹਦੀ ਹੈ ਅਤੇ ਉਹ ਇਸੇ ਦੇ ਸੋਹਿਲੇ ਗਾਉਂਦਾ ਹੈ। 'ਮੇਲੇ ਵਿਚ ਜੱਟ' ਕਵਿਤਾ ਵਿਚ ਪੰਜਾਬੀ ਕਿਸਾਨ ਦੇ ਰੰਗੀਨ ਜੀਵਨ, ਉਹਦੇ ਚਾਵਾਂ, ਮਲ੍ਹਾਰਾਂ ਅਤੇ ਰੀਝਾਂ ਨੂੰ ਬਹੁਤ ਸੋਹਣੇ ਢੰਗ ਨਾਲ਼ ਰੂਪਮਾਨ ਕੀਤਾ ਗਿਆ ਹੈ -
          ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
          ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
          ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
          ਮਾਲ ਢਾਂਡਾ ਸਾਂਭਣੇ ਨੂੰ ਕਾਮਾ ਛੱਡ ਕੇ।
          ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,
          ਸੁੰਮਾਂ ਵਾਲ਼ੀ ਡਾਂਗ ਉੱਤੇ ਤੇਲ ਲਾਇ ਕੇ।
          ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
          ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
          'ਵਿਸਾਖੀ' ਕਵਿਤਾ ਵਿੱਚ ਬੜੀ ਸਿੱਧੀ ਸਾਦੀ ਸਰਲ ਮਿੱਠੀ ਬੋਲੀ ਵਿੱਚ ਪੰਜਾਬ ਦੇ ਵਟਦੇ ਵੇਸਾਂ ਅਤੇ ਪੰਜਾਬੀਆਂ ਦੀ ਖ਼ੁਸ਼ੀ ਦੀ ਪੇਸ਼ਕਾਰੀ ਬਹੁਤ ਹੀ ਖ਼ੂਬਸੂਰਤ ਰੌਚਕ ਸਲਾਹੁਣਯੋਗ ਢੰਗ ਨਾਲ਼ ਕੀਤੀ ਗਈ ਹੈ -
          ਪੱਕ ਪਈਆਂ ਕਣਕਾਂ ਲੁਕਾਠ ਰਸਿਆ,
          ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ।
          ਬਾਗ਼ਾਂ ਉੱਤੇ ਰੰਗ ਫ਼ੇਰਿਆ ਬਹਾਰ ਨੇ,
          ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ।
          ਪੁੰਗਰੀਆਂ ਵਲਾਂ, ਵੇਲਾਂ ਰੁੱਖੀਂ ਚੜ੍ਹੀਆਂ,
          ਫੁੱਲਾਂ ਹੇਠੋਂ ਫ਼ਲਾਂ ਨੇ ਪਰੋਈਆਂ ਲੜੀਆਂ।
          ਇਸੇ ਤਰ੍ਹਾਂ ਪੰਜਾਬ ਅਤੇ ਉਸ ਦੀ ਸੁੰਦਰਤਾ ਸੁਹੱਪਣ ਸੰਬੰਧੀ ਦੇਸ਼ ਪੰਜਾਬ, ਵਿਸਾਖੀ ਦਾ ਮੇਲਾ, ਹਿਮਾਲਾ, ਬਸੰਤ, ਸਾਉਣ, ਜਿਹਲਮ, ਅਟਕ, ਪੇਂਡੂ ਜੀਵਨ ਆਦਿ ਕਵਿਤਾਵਾਂ ਬਹੁਤ ਹੀ ਪ੍ਰਸਿੱਧ ਅਤੇ ਪੰਜਾਬੀ ਸਾਹਿਤ ਵਿੱਚ ਮੀਲ ਪੱਥਰ ਦੀ ਨਿਆਈਂ ਹਨ। ਕਵੀ ਪੰਜਾਬ, ਪੰਜਾਬ ਦੀ ਮਿੱਟੀ, ਪੰਜਾਬ ਦੇ ਪੌਣ ਪਾਣੀ ਸੰਬੰਧੀ 'ਪੰਜਾਬ' ਨਾਂ ਦੀ ਕਵਿਤਾ ਵਿੱਚ ਇੰਝ ਲਿਖਦਾ ਹੈ -
        ਦਰਗਾਹੀਂ ਸੱਦੇ ਆ ਗਏ ਨੇ, ਸਾਮਾਨ ਤਿਆਰ ਸਫ਼ਰ ਦਾ ਹੈ।
        ਪਰ ਤੇਰੇ ਬੂਹਿਓਂ ਹਿੱਲਣ ਨੂੰ, ਚਾਤ੍ਰਿਕ ਦਾ ਜੀ ਨਹੀਂ ਕਰਦਾ ਹੈ।
          ਆਪਣੀ ਮਾਤ ਭਾਸ਼ਾ ਪੰਜਾਬੀ ਨਾਲ਼ ਚਾਤ੍ਰਿਕ ਦਾ ਅਥਾਹ ਪਿਆਰ ਹੈ। ਬਹੁਤ ਸਾਰੀਆਂ ਕਵਿਤਾਵਾਂ ਵਿੱਚ ਉਸ ਨੇ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਨੂੰ ਇੰਝ ਪ੍ਰਗਟਾਇਆ ਹੈ -
          ਏਹੋ ਜਿੰਦ ਜਾਨ ਸਾਡੀ, ਮੋਤੀਆਂ ਦੀ ਖਾਨ ਸਾਡੀ।
          ਹੱਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ।
          ਤ੍ਰਿੰਝਣਾਂ ਭੰਡਾਰਾਂ ਵਿੱਚ, ਵੰਝਲੀ ਤੇ ਵਾਰਾਂ ਵਿੱਚ।
          ਮਿੱਠੀ ਤੇ ਸੁਹਾਉਣੀ, ਬੋਲੀ ਹੈ ਪੰਜਾਬੀ ਸਾਡੀ।
          ਧਨੀ ਰਾਮ ਚਾਤ੍ਰਿਕ ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਪਟਰਾਣੀ ਅਤੇ ਹੋਰ ਬੋਲੀਆਂ ਨੂੰ ਗੋਲੀਆਂ ਆਖਦਾ ਹੈ। ਉਸ ਨੇ ਆਪਣੀਆਂ ਤ੍ਰੈ ਮਾਂਵਾਂ ਮੰਨੀਆਂ ਹਨ। ਇੱਕ ਜਨਮਦਾਤੀ ਲੱਛਮੀ, ਦੂਜੀ ਭਾਰਤ ਮਾਤਾ ਅਤੇ ਤੀਜੀ ਪੰਜਾਬੀ ਬੋਲੀ। ਉਹ 'ਤ੍ਰੈ ਮਾਂਵਾਂ' ਕਵਿਤਾ ਵਿੱਚ ਲਿਖਦਾ ਹੈ -
     ਤੀਜੀ ਮਾਂ ਪੰਜਾਬੀ ਬੋਲੀ, ਬਚਪਨ ਵਿੱਚ ਮਾਂ ਪਾਸੋਂ ਸਿੱਖੀ,
     ਧੋਤੀ, ਮਾਂਜੀ, ਪਹਿਨੀ-ਪਚਰੀ, ਨਜ਼ਮ ਨਸਰ ਬੋਲੀ ਤੇ ਲਿਖੀ।
     ਮਤਰੇਈਆਂ ਨੂੰ ਪਰੇ ਹਟਾ ਕੇ, ਪਟਰਾਣੀ ਨੂੰ ਤਖ਼ਤ ਬਹਾਇਆ,
     ਇਹੋ ਜਿਹੀ ਮਨੋਹਰ ਮਿੱਠੀ, ਹੋਰ ਕੋਈ ਬੋਲੀ ਨਹੀਂ ਡਿੱਠੀ।
          ਇਸੇ ਤਰ੍ਹਾਂ 'ਸਿਦਕਾਂ ਵਾਲ਼ਿਆਂ ਦੇ ਬੇੜੇ ਪਾਰ' ਕਵਿਤਾ ਵਿੱਚ ਪੰਜਾਬੀ ਬੋਲੀ ਨੂੰ ਬਹੁਤ ਹੀ ਸੁੰਦਰ, ਸੋਹਣੇ, ਖ਼ੂਬਸੂਰਤ ਅਤੇ ਢੁੱਕਵੇਂ ਬਿਆਨ ਰਾਹੀਂ ਵਡਿਆਇਆ ਗਿਆ ਹੈ -
ਬਾਬੇ ਨਾਨਕ ਦੀਏ ਵਡਿਆਈਏ। ਬੁੱਲ੍ਹੇ ਸ਼ਾਹ ਦੀਏ ਸਿਰ ਤੇ ਚਾਈਏ।
ਫੇਰੇ ਦਿਨ ਤੇਰੇ ਸਿਰਜਣਹਾਰ ਨੇ, ਸਿਦਕਾਂ ਵਾਲ਼ਿਆਂ ਦੇ ਬੇੜੇ ਪਾਰ ਨੇ।
          ਸਮਾਜ ਦੀ ਆਰਥਿਕ ਕਾਣੀ ਵੰਡ ਨੂੰ ਕਵੀ ਬੜੀ ਸ਼ਿੱਦਤ ਨਾਲ਼ ਮਹਿਸੂਸ ਕਰਦਾ ਹੈ। ਉਹ ਇਸ ਕਾਣੀ ਵੰਡ ਨੂੰ 'ਲੱਛਮੀ' ਕਵਿਤਾ ਵਿੱਚ ਇੰਝ ਬਿਆਨ ਕਰਦਾ ਹੈ -
          ਰੱਬਾ ਤੂੰ ਵੀ ਚੰਗਾ ਰੱਬ ਹੈਂ, ਭੇਦ ਨਾ ਕੁਝ ਸਮਝਾਇਆ।
          ਰੋਟੀ ਰਿਜ਼ਕ ਪਚਾਨਵਿਆਂ ਦਾ, ਪੰਜਾਂ ਦੇ ਵੱਸ ਪਾਇਆ।
          ਧਨੀ ਰਾਮ ਚਾਤ੍ਰਿਕ ਦੀ ਕਵਿਤਾ ਜਿੱਥੇ ਸਿੱਖਿਆਦਾਇਕ, ਸਦਾਚਾਰਕ, ਸੁਹਜਾਤਮਕ ਰੰਗ ਵਾਲ਼ੀ ਹੈ। ਉੱਥੇ ਉਸ ਦੀ ਕਵਿਤਾ ਵਿੱਚ ਦੇਸ਼ ਪਿਆਰ, ਭਾਰਤੀਆਂ ਦੀ ਏਕਤਾ ਅਤੇ ਆਚਰਣ ਦੀ ਉੱਚਤਾ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਉਹ ਸੱਚੇ ਮਨੋਂ ਭਾਰਤ ਨੂੰ ਇਨਸਾਨਸਤਾਨ ਬਣਾਉਣਾ ਚਾਹੁੰਦਾ ਹੈ।
     ਹਿੰਦੂ , ਮੋਮਨ, ਸਿੱਖ, ਈਸਾਈ, ਸਾਰੇ ਜਾਪਣ ਭਾਈ ਭਾਈ।
     ਦਸਤਕਾਰ, ਕਿਰਤੀ, ਕਿਰਸਾਣ, ਸਾਂਝੀ ਰੋਟੀ ਵੰਡ ਕੇ ਖਾਣ।
     ਭੁੱਖ, ਨੰਗ, ਚਿੰਤਾ, ਬੇਕਾਰੀ, ਹਟ ਜਾਏ ਧੜਕੇ ਦੀ ਬਿਮਾਰੀ।
     ਘੁਲ਼ ਮਿਲ ਜਾਵਣ ਧਰਮ ਇਮਾਨ, ਸੱਚਮੁੱਚ ਦਾ ਇਨਸਾਨਸਤਾਨ।
          ਚਾਤ੍ਰਿਕ ਨੇ ਦੇਸ਼ ਦੀ ਗ਼ੁਲਾਮੀ ਸਮੇਂ ਦੇਸ਼ ਦੀ ਆਜ਼ਾਦੀ ਦੇ ਤਰਾਨੇ ਗਾਏ। ਉਸ ਨੇ ਗ਼ੁਲਾਮੀ ਦਾ ਜੀਵਨ ਜਿਉਣ ਦੀ ਨਿਖੇਧੀ ਕੀਤੀ ਹੈ। ਸੁਤੰਤਰਤਾ ਦੇ ਜੀਵਨ ਨੂੰ ਚੰਗੇਰਾ ਅਤੇ ਉੱਤਮ ਦੱਸਿਆ ਹੈ। ਬੇਸ਼ੱਕ ਆਜ਼ਾਦੀ ਦੇ ਜੀਵਨ ਵਿੱਚ ਗ਼ਰੀਬੀ ਵੀ ਕਿਉਂ ਨਾ ਹੋਵੇ -
     ਵਿੱਚ ਗ਼ੁਲਾਮੀ ਹੋਇ ਖ਼ੁਨਾਮੀ, ਸੁੱਕਣ ਲਹੂ ਸਰੀਰਾਂ ਦੇ।
     ਕਰ ਗੁਜ਼ਰਾਨ ਸੁਤੰਤਰਤਾ ਵਿੱਚ, ਪਹਿਣ ਗੋਦੜੇ ਲੀਰਾਂ ਦੇ।
ਰੂਪਕ ਪੱਖ
          ਧਨੀ ਰਾਮ ਚਾਤ੍ਰਿਕ ਦੀ ਕਵਿਤਾ ਰੂਪਕ ਪੱਖ ਤੋਂ ਬੜੀ ਬਲਵਾਨ ਅਤੇ ਪ੍ਰਬੀਨ ਹੈ। ਦੋਹਿਰਾ, ਕੋਰੜਾ, ਕਬਿੱਤ, ਬੈਂਤ, ਚੌਪਈ, ਦਵੱਈਆ ਛੰਦ ਨੂੰ ਬਹੁਤ ਹੀ ਸੁਚੱਜੇ, ਸੁਹਜਮਈ, ਕਲਾਮਈ ਢੰਗ ਨਾਲ਼ ਸਿਰਜਿਆ ਹੈ। ਇਸ ਤੋਂ ਇਲਾਵਾ ਫ਼ਾਰਸੀ, ਹਿੰਦੀ ਦੇ ਤੋਲਾਂ ਅਤੇ ਕਾਵਿ ਰੂਪ ਰੁਬਾਈ ਦੇ ਅਸਲ ਤੋਲ ਨੂੰ ਮੁੱਖ ਰੱਖ ਕੇ ਬਹੁਤ ਹੀ ਸੁੰਦਰ, ਖ਼ੂਬਸੂਰਤ, ਭਾਵਪੂਰਤ ਰੁਬਾਈਆਂ ਦੀ ਸਿਰਜਣਾ ਕੀਤੀ ਹੈ। ਕਵੀ ਨੂੰ ਗ਼ਜ਼ਲਾਂ ਲਿਖਣ ਵਿੱਚ ਵੀ ਕਮਾਲ ਦੀ ਮੁਹਾਰਤ ਹਾਸਲ ਹੈ। ਆਪ ਵੱਲੋਂ ਰਚੇ ਗੀਤਾਂ ਵਿੱਚ ਜਜ਼ਬੇ ਦੀ ਕੋਮਲਤਾ, ਰਵਾਨੀ, ਸੁਭਾਵਿਕਤਾ, ਆਪਮੁਹਾਰਾਪਨ, ਰਾਗਾਤਮਿਕਤਾ ਭਰੀ ਪਈ ਹੈ। 
          ਧਨੀ ਰਾਮ ਚਾਤ੍ਰਿਕ ਦੀ ਕਵਿਤਾ ਦੀ ਅਸਲ ਮਹੱਤਤਾ ਉਸ ਦੀ ਬੋਲੀ, ਬਿਆਨ ਕਰਨ ਦਾ ਸਲੀਕਾ, ਸਜੀ ਸੰਵਰੀ ਸ਼ੈਲੀ ਕਰਕੇ ਹੈ। ਕਵੀ ਨੇ ਆਪਣੀਆਂ ਰਚਨਾਵਾਂ ਵਿੱਚ ਵਿਸ਼ੇਸ਼ ਤੌਰ 'ਤੇ ਟਕਸਾਲੀ ਪੰਜਾਬੀ ਦੀ ਵਰਤੋਂ ਕੀਤੀ ਹੈ। ਮਾਂਜੀ ਸੰਵਾਰੀ, ਠੇਠ, ਮੁਹਾਵਰੇਦਾਰ ਬੋਲੀ ਦੀ ਇੱਕ ਝਲਕ 'ਰਾਧਾ ਸੰਦੇਸ਼' ਕਵਿਤਾ ਵਿੱਚ ਬਹੁਤ ਹੀ ਖ਼ੂਬਸੂਰਤ ਅਤੇ ਕਮਾਲ ਦੀ ਕਲਾਕਾਰੀ ਨੂੰ ਪਹੁੰਚਣ ਵਾਲ਼ੀ ਹੈ -
          ਇਨ੍ਹਾਂ ਤਿਲਾਂ ਵਿੱਚ ਤੇਲ ਹੁਣ ਜਾਪਦਾ ਨਹੀਂ,
          ਸਾਰਾ ਹੀਜ ਪਿਆਜ ਅਸਾਂ ਟੋਹ ਲਿਆ ਹੈ।
          ਹੱਛਾ ਸੁੱਖ ਵੱਸੇਂ, ਜਿੱਥੇ ਜਾਏਂ ਘੁੱਗ ਵੱਸੇਂ,
          ਸਾਡੇ ਦਿਲੋਂ ਭੀ ਕਿਸੇ ਨੇ ਖੋਹ ਲਿਆ ਹੈ।
          ਕਵੀ ਦੀ ਸ਼ਬਦ ਚੋਣ ਬਹੁਤ ਸੁੰਦਰ, ਸੁਚੱਜੀ, ਭਾਵਾਂ ਅਨੁਸਾਰ ਬੜੀ ਢੁੱਕਵੀਂ ਹੁੰਦੀ ਹੈ। ਉਸ ਨੇ ਲੋੜ ਅਨੁਸਾਰ ਸੰਸਕ੍ਰਿਤ, ਅੰਗਰੇਜ਼ੀ, ਉਰਦੂ ਫ਼ਾਰਸੀ ਭਾਸ਼ਾ ਦੇ ਵੀ ਵਰਤ ਲਏ ਹਨ। ਉਸ ਨੇ ਨਵੀਨ, ਢੁੱਕਵੇਂ ਅਤੇ ਸੁਚੱਜੇ ਅਲੰਕਾਰ ਵਰਤੇ ਹਨ। ਪੌਰਾਣਿਕ, ਇਤਿਹਾਸਕ, ਮਿਥਿਹਾਸਕ ਸੂਝ ਦੀ ਗਵਾਹੀ ਉਸ ਵੱਲੋਂ ਵਰਤੇ ਹਵਾਲਿਆਂ ਤੋਂ ਮਿਲਦੀ ਹੈ। ਡਾਲੀਉਂ ਝੜਿਆ ਫ਼ੁੱਲ ਵਿੱਚੋਂ ਇੱਕ ਉਦਾਹਰਣ ਵੇਖਣ ਯੋਗ ਹੈ -
          ਰਾਵਣ ਜੈਸੇ ਬਲੀ ਨਾ ਰਹੇ, ਕਾਰੂੰ ਜਿਹੇ ਪਦਾਰਥਧਾਰੀ,
          ਸ਼ਾਹ ਸਿਕੰਦਰ ਜਿਹੇ ਤਿਜੱਸਵੀ, ਹਰਨਾਕਸ਼ ਜੈਸੇ ਹੰਕਾਰੀ।
          ਹਾਤਿਮ ਜੈਸੇ ਸਖੀ ਤੁਰ ਗਏ, ਵੈਦ ਧਨੰਤਰ ਜਿਹੇ ਸਿਆਣੇ,
          ਬਿਕ੍ਰਮ ਜੈਸੇ ਆਕਲ ਦਾਨੀ, ਨਾਦਰਸ਼ਾਹ ਜਿਹੇ ਜਰਵਾਣੇ।
           ਦੇਸ਼ ਦੀ ਆਜ਼ਾਦੀ ਦੀ ਤੜਪ ਨੂੰ ਧਨੀ ਰਾਮ ਚਾਤ੍ਰਿਕ ਦੀਆਂ ਕ੍ਰਿਤਾਂ ਵਿੱਚ ਬੜੀ ਸ਼ਿੱਦਤ ਨਾਲ਼ ਪੇਸ਼ ਕੀਤਾ ਗਿਆ ਹੈ। ਪਰੰਤੂ ਦੇਸ਼ ਆਜ਼ਾਦ ਹੋਣ ਤੋਂ ਕੇਵਲ ਸੱਤ ਸਾਲ ਬਾਅਦ ਕੁਦਰਤ ਵੱਲੋਂ ਬੁਲਾਵਾ ਆ ਜਾਂਦਾ ਹੈ। ਜਿਸ ਸੰਬੰਧੀ ਉਹ ਆਪਣੀ 'ਪੰਜਾਬ' ਨਾਂ ਦੀ ਕਵਿਤਾ ਵਿੱਚ ਇੰਝ ਦਰਜ ਕਰਦਾ ਹੈ -
ਦਰਗਾਹੀਂ ਸੱਦੇ ਆ ਗਏ ਨੇ, ਤਿਆਰ ਸਾਮਾਨ ਸਫ਼ਰ ਦਾ ਹੈ।
ਪਰ ਤੇਰੇ ਬੂਹਿਓਂ ਹਿੱਲਣ ਨੂੰ, ਚਾਤ੍ਰਿਕ ਦਾ ਦਿਲ ਨਹੀਂ ਕਰਦਾ ਹੈ।
          ਆਖ਼ਰ ਅਠੱਤਰ ਸਾਲ ਦੀ ਉਮਰ ਭੋਗ ਕੇ ਪੰਜਾਬ, ਪੰਜਾਬੀ ਬੋਲੀ, ਪੰਜਾਬ ਦੀ ਧਰਤੀ ਅਤੇ ਪੰਜਾਬੀਅਤ ਨੂੰ ਪ੍ਰਣਾਇਆ ਪਿਆਰਾ ਧਨੀ ਰਾਮ ਚਾਤ੍ਰਿਕ ਅਠਾਰਾਂ ਦਸੰਬਰ 1954 ਈਸਵੀ ਨੂੰ ਪੰਜਾਬ ਦੀ ਧਰਤੀ ਤੋਂ ਰੁਖ਼ਸਤ ਹੋ ਗਿਆ। ਬੇਸ਼ੱਕ ਧਨੀ ਰਾਮ ਸਰੀਰਕ ਤੌਰ 'ਤੇ ਅੱਜ ਸਾਡੇ ਵਿੱਚ ਨਹੀਂ ਹੈ, ਪਰੰਤੂ ਪੰਜਾਬ ਦੀ ਪਿਆਰੀ ਧਰਤੀ ਮਾਂ ਲਈ ਲਿਖੇ ਉਸ ਦੇ ਪਿਆਰੇ ਗੀਤ ਪੰਜਾਬੀਆਂ ਦੇ ਮਨਾਂ ਵਿੱਚ ਹਮੇਸ਼ਾ ਹਮੇਸ਼ਾ ਲਈ ਵਸੇ ਰਹਿਣਗੇ।
ਡਾ. ਇਕਬਾਲ ਸਿੰਘ ਸਕਰੌਦੀ।
06, ਥਲੇਸ ਬਾਗ਼ ਕਲੋਨੀ ਸੰਗਰੂਰ।
8427685020.
17-12-2023.



Post a Comment

0 Comments