ਸੁਖਜੀਤ ਕੌਰ ਨੇ ਫ਼ੋਨ ਬੰਦ ਕਰਦਿਆਂ ਹੋਇਆਂ ਬਹੁਤ ਹੀ ਖ਼ੁਸ਼ੀ ਅਤੇ ਹੁਲਾਸ ਭਰੇ ਲਹਿਜ਼ੇ ਵਿੱਚ ਆਪਣੀ ਸੱਸ ਮਾਂ ਨੂੰ ਕਿਹਾ,
"ਮਾਂ ਜੀ, ਕੱਲ੍ਹ ਨੂੰ ਰੱਖੜੀ ਦੇ ਤਿਉਹਾਰ 'ਤੇ ਮੇਰੇ ਭਾਅ ਜੀ ਅਤੇ ਵੱਡੇ ਭੈਣ ਜੀ ਆ ਰਹੇ ਨੇ। ਮੈਂ ਖਾਣ ਪੀਣ ਦਾ ਤਾਂ ਵਧੀਆ ਪ੍ਰਬੰਧ ਘਰ ਵਿੱਚ ਹੀ ਕਰ ਲੈਣਾ ਹੈ। ਪਰੰਤੂ ਭੈਣ ਜੀ ਦੇ ਪਸੰਦ ਦੇ ਦੋ ਵਧੀਆ ਜਿਹੇ ਸੂਟ ਅਸੀਂ ਦੋਵੇਂ ਜੀਅ ਬਜ਼ਾਰ ਜਾ ਕੇ ਲੈ ਆਉਣੇ ਆਂ।"
ਬਚਨ ਕੌਰ ਨੇ ਸਮਝਿਆ ਕਿ ਨੂੰਹ ਦੀ ਵੱਡੀ ਭੈਣ ਅਤੇ ਉਹਦਾ ਜੀਜਾ ਆ ਰਹੇ ਹਨ। ਉਹ ਇੱਕਦਮ ਅੱਗ ਦੇ ਭਮੂਕੇ ਵਾਂਗੂੰ ਭੜਕਦਿਆਂ ਹੋਇਆਂ ਬੋਲੀ,
"ਲੈ, ਉਹਨਾਂ ਨੇ ਏਥੇ ਆ ਕੇ ਕੀ ਟਿੰਡੀਆਂ ਲੈਣੀਐਂ। ਜੀਹਦਾ ਜੀਅ ਕਰਦੈ, ਮੂੰਹ ਚੱਕੀ ਤੁਰਿਆ ਆਉਂਦੈ ਏਧਰ ਨੂੰ। ਸੁੱਖੀ ਸਾਂਦੀ ਤਿਉਹਾਰ ਵਾਲੇ ਦਿਨ ਵੀ ਕੋਈ ਕਿਸੇ ਦੇ ਘਰ ਜਾਂਦਾ ਹੁੰਦੈ?"
ਮਾਂ ਤੋਂ ਸੋਹਲੇ ਸੁਣ ਕੇ ਸੁਖਜੀਤ ਨੂੰ ਇੱਕਦਮ ਸਮਝ ਆ ਗਈ ਸੀ ਕਿ ਮਾਂ ਜੀ ਤਾਂ ਇਹ ਸਮਝ ਬੈਠੇ ਨੇ ਕਿ ਉਹਦੀ ਨੂੰਹ ਦੀ ਵੱਡੀ ਭੈਣ ਅਤੇ ਜੀਜਾ ਆ ਰਹੇ ਨੇ। ਪਹਿਲਾਂ ਤਾਂ ਉਹਦੇ ਮਨ ਵਿੱਚ ਆਇਆ ਕਿ ਆਪਣੀ ਸੱਸ ਨੂੰ ਸਾਫ਼-ਸਾਫ਼ ਦੱਸ ਦੇਵੇ ਕਿ ਮਾਂ, ਮੁਹਾਲੀ ਵਿਆਹੀ ਤੁਹਾਡੀ ਧੀ ਤੁਹਾਡੇ ਪੁੱਤ ਨੂੰ ਰੱਖੜੀ ਬੰਨ੍ਹਣ ਆ ਰਹੀ ਹੈ। ਪਰੰਤੂ ਇੱਕਦਮ ਕੁਝ ਸੋਚ ਕੇ ਉਹਨੇ ਆਪਣੇ ਮਨ ਹੀ ਮਨ ਵਿੱਚ ਕੁਝ ਸਮੇਂ ਲਈ ਸ਼ੁਗਲ ਕਰਨ ਦੀ ਠਾਣ ਲਈ।
ਉਸ ਨੇ ਆਪਣੀ ਸੱਸ ਦੇ ਸਾਹਮਣੇ ਆਪਣੇ ਘਰਵਾਲ਼ੇ ਸਰਦਾਰਾ ਸਿੰਘ ਨੂੰ ਫ਼ੋਨ ਮਿਲਾਉਂਦਿਆਂ ਹੋਇਆਂ ਆਖਿਆ,
"ਹਾਂ ਜੀ, ਸਰਦਾਰਾ ਸਿੰਘ ਜੀ, ਹੁਣੇ ਹੁਣੇ ਮੇਰੇ ਵੱਡੇ ਭੈਣ ਜੀ ਦਾ ਫ਼ੋਨ ਆਇਆ ਸੀ। ਉਹ ਕੱਲ੍ਹ ਸਵੇਰੇ ਹੀ ਆਪਣੇ ਕੋਲ ਆ ਰਹੇ ਆ। ਤੁਸੀਂ ਕਾਹਲੀ ਨਾਲ਼ ਕ੍ਰਿਸ਼ਨ ਦੀ ਡੈਰੀ ਤੋਂ ਸੱਤ ਲੀਟਰ ਦੁੱਧ ਲਿਆ ਦਿਉ। ਭੈਣ ਜੀ ਨੂੰ ਇੱਕ ਤਾਂ ਠੰਢੀ ਖੀਰ ਬਹੁਤ ਪਸੰਦ ਆ। ਨਾਲ਼ ਹੀ ਮੈਂ ਆਈਸ ਕਰੀਮ ਤਿਆਰ ਕਰਕੇ ਰੈਫਰੀਜਰੇਟਰ ਵਿੱਚ ਲਾ ਦਿਆਂਗੀ। ਤੁਸੀਂ ਬਹੁਤਾ ਟਾਈਮ ਨਾ ਲਾਇਉ ਹੁਣ। ਸੱਤ ਕੁ ਵਜੇ ਫ਼ਿਰ ਆਪਾਂ ਭੈਣ ਜੀ ਲਈ ਸੋਹਣੇ ਸੋਹਣੇ ਦੋ ਸੂਟ ਵੀ ਲੈ ਕੇ ਆਉਣੇ ਐਂ।"
ਜਿਉਂ ਹੀ ਉਸ ਨੇ ਫ਼ੋਨ ਬੰਦ ਕੀਤਾ ਤਾਂ ਸੱਸ ਨੇ ਨੂੰਹ ਵੱਲ ਤਿਰਛਾ ਜਿਹਾ ਵੇਂਹਦਿਆਂ ਇਕ ਲੰਮੀਂ ਹੂੰਘਰ ਮਾਰੀ। ਫ਼ਿਰ ਉਹ ਬੋਲੀ,
"ਹੂੰ........ਊਂ.......। ਕਰ ਲੈ ਬਹੂ ਤੂੰ ਆਪਣੇ ਮਨ ਦੀਆਂ। ਸਿੱਧਾ ਸਾਦਾ ਘਰ ਆਲ਼ਾ ਜੋ ਟੱਕਰਿਐ ਤੈਨੂੰ। ਤੂੰ ਜੇ ਦਿਨ ਨੂੰ ਰਾਤ ਕਹਿਨੀਂ ਐਂ, ਤਾਂ ਉਹ ਵਿਚਾਰਾ ਰਾਤ ਕਹਿੰਦੈ। ਪਤਾ ਨੀਂ ਭਾਈ, ਕੀ ਸਿਰ 'ਚ ਘੋਲ਼ ਕੇ ਪਾਇਐ ਤੂੰ?"
ਸੱਸ ਦੀਆਂ ਕਰਾਰੀਆਂ ਜਿਹੀਆਂ ਸੁਣ ਕੇ ਸੁਖਜੀਤ ਰਸੋਈ ਵਿੱਚ ਚਲੀ ਗਈ। ਦੋ ਕੁ ਮਿੰਟ ਬਾਅਦ ਇੱਕ ਥਾਲ਼ ਵਿੱਚ ਚੌਲ਼ ਪਾ ਕੇ ਇੱਕ ਗੀਤ ਦੇ ਬੋਲ,
ਕੋਠੇ 'ਤੇ ਕਾਂ ਬੋਲੇ,
ਚਿੱਠੀ ਮੇਰੇ ਮਾਹੀਏ ਦੀ,
ਵਿੱਚ ਮੇਰਾ ਨਾਂ ਬੋਲੇ।
ਗੁਣਗੁਣਾਉਂਦੀ ਹੋਈ ਸੱਸ ਕੋਲ ਆ ਗਈ। ਚੌਲਾਂ ਵਾਲ਼ਾ ਥਾਲ਼ ਸੱਸ ਅੱਗੇ ਕਰਕੇ ਕਹਿੰਦੀ,
"ਮਾਂ ਜੀ, ਦੇਖਿਓ ਭਲਾਂ, ਖੀਰ ਲਈ ਇੰਨੇਂ ਕੁ ਚੌਲ਼ ਠੀਕ ਰਹਿਣਗੇ?"
ਸੱਸ ਵੀ ਸਭ ਸਮਝਦੀ ਸੀ। ਉਹਨੂੰ ਪਤਾ ਸੀ ਕਿ ਉਹਦੀ ਨੂੰਹ ਜਾਣ ਬੁੱਝ ਕੇ ਉਹਨੂੰ ਪ੍ਰੇਸ਼ਾਨ ਕਰਦੀ ਐ। ਗੁੱਸਾ ਤਾਂ ਉਹਨੂੰ ਪਹਿਲਾਂ ਹੀ ਵਥੇਰਾ ਚੜ੍ਹਿਆ ਹੋਇਆ ਸੀ। ਉਹ ਤਾਂ ਪਹਿਲਾਂ ਹੀ ਅੰਦਰੋਂ ਪੂਰੀ ਤਪੀ ਹੋਈ ਸੀ। ਉਹ ਦੁਖੀ ਹੋ ਕੇ ਉਹ ਬੋਲੀ,
"ਬੱਸ ਬੱਸ, ਰਹਿਣ ਦੇ ਏਹ ਖੇਖਣ। ਸਭ ਜਾਣਦੀ ਆਂ ਮੈਂ ਤੈਨੂੰ ਚਲਾਕੋ ਨੂੰ। ਆਉਣ ਆਲ਼ਾ ਈ ਐ, ਜੀਹਨੂੰ ਹੁਣੇ ਫੂਨ ਖੜਕਾਇਐ। ਉਸੇ ਨੂੰ ਪੁੱਛ ਲੀਂ। ਅੱਗੇ ਵੀ ਤਾਂ ਦੋਏ ਜੀਅ ਰਸੋਈ 'ਚ ਵੜ੍ਹ ਕੇ ਪਤਾ ਨੀਂ ਕੇਹੜੇ ਗੁਰਮਤੇ ਪੜ੍ਹਦੇ ਰਹਿਨੇਂ ਓਂ।"
ਨੂੰਹ ਨੇ ਮਸਾਂ-ਮਸਾਂ ਆਪਣੇ ਹਾਸੇ ਨੂੰ ਰੋਕਿਆ। ਉਸ ਨੇ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਕਿਹਾ, "ਮਾਂ ਜੀ, ਉਹ ਤਾਂ ਸਰਦਾਰਾ ਸਿੰਘ ਜੀ, ਨਾ ਸੱਚ ਥੋਡੇ ਪੁੱਤ ਜੀ, ਗਰਮ-ਗਰਮ ਰੋਟੀ ਖਾ ਕੇ ਬਲਾਈਂ ਖ਼ੁਸ਼ ਹੁੰਦੇ ਐ। ਮੈਨੂੰ ਵੀ ਬੜਾ ਚੰਗਾ ਲੱਗਦੈ, ਜਦੋਂ ਉਹ ਕੋਲ ਬੈਹ ਕੇ ਰੋਟੀ ਖਾਂਦੇ ਐ।"
ਉਸੇ ਵੇਲੇ ਸਰਦਾਰਾ ਸਿੰਘ ਦੁੱਧ ਦੀ ਢੋਲੀ ਲੈ ਕੇ ਅੰਦਰ ਆ ਗਿਆ। ਵਹੁਟੀ ਨੂੰ ਦੁੱਧ ਦੀ ਢੋਲੀ ਫ਼ੜਾਉਣ ਉਪਰੰਤ ਮਾਂ ਨੂੰ ਪੁੱਛਿਆ,
"ਮਾਂ ਜੀ! ਕੀ ਗੱਲ ਐ? ਤੁਹਾਡਾ ਚਿੱਤ ਤਾਂ ਰਾਜ਼ੀ ਐ? ਤੁਹਾਡਾ ਤਾਂ ਚਿਹਰਾ ਉੱਤਰਿਆ ਪਿਐ!"
"ਭਾਈ, ਸਾਡੇ ਉੱਤਰੇ ਚੜ੍ਹੇ ਚਿਹਰੇ ਦੀ ਕੀਹਨੂੰ ਪ੍ਰਵਾਹ ਆ? ਬਹੂ ਨੇ ਤੈਨੂੰ ਮੁੱਠੀ 'ਚ ਕੀਤਾ ਹੋਇਐ। ਤਿੰਨ ਕਰੇ, ਤੇਰ੍ਹਾਂ ਕਰੇ! ਤੂੰ ਕਦੇ ਟੋਕਿਐ ਉਹਨੂੰ?" ਭਰੀ ਪੀਤੀ ਮਾਂ ਨੇ ਸਾਰਾ ਗੁੱਭ ਗੁਭਾਟ ਕੱਢ ਦਿੱਤਾ।
ਉਸ ਨੇ ਮਾਂ ਨੂੰ ਗਲ਼ੇ ਲਗਾਉਂਦਿਆਂ ਹੋਇਆਂ ਕਿਹਾ,
"ਓਹ ਹੋ, ਮਾਂ ਜੀ। ਤੁਸੀਂ ਵੀ ਪਤਾ ਨੀਂ ਕਦੇ-ਕਦੇ ਕਿਹੜੀਆਂ ਗੱਲਾਂ ਲੈ ਬਹਿੰਦੇ ਓ। ਤੁਹਾਡੀ ਨੂੰਹ ਤਾਂ ਸਾਰਾ ਦਿਨ 'ਮੇਰੇ ਮਾਂ ਜੀ, ਮੇਰੇ ਮਾਂ ਜੀ' ਕਰਦੀ ਰਹਿੰਦੀ ਐ। ਮੁਹਾਲੀ ਤੋਂ ਵੱਡੇ ਭੈਣ ਜੀ ਅਤੇ ਜੀਜਾ ਜੀ ਦੇ ਆਉਣ 'ਤੇ ਉਹਨੂੰ ਚਾਅ ਚੜ੍ਹ ਜਾਂਦੈ। ਹੋਰ ਦੱਸੋ, ਕੀ ਚਾਹੀਦੈ ਆਪਾਂ ਨੂੰ। ਚਲੋ, ਏਦਾਂ ਕਰਦਾਂ, ਮੈਂ ਤੁਹਾਡੀ ਵੱਡੇ ਭੈਣ ਜੀ ਨਾਲ਼ ਫ਼ੋਨ 'ਤੇ ਗੱਲ ਕਰਵਾਉਂਦਾ ਹਾਂ।"
ਇੰਨੀਂ ਗੱਲ ਕਹਿ ਕੇ ਉਸ ਨੇ ਮੁਹਾਲੀ ਰਹਿੰਦੀ ਵੱਡੀ ਭੈਣ ਇੰਦਰਪ੍ਰੀਤ ਕੌਰ ਨੂੰ ਫ਼ੋਨ ਲਾ ਲਿਆ। ਜਿਉਂ ਹੀ ਭੈਣ ਨੇ "ਹੈਲੋ" ਕਿਹਾ ਤਾਂ ਉਸ ਨੇ ਭੈਣ ਨੂੰ ਸਤਿਕਾਰ ਦਿੰਦਿਆਂ ਹੋਇਆਂ ਕਿਹਾ,
"ਪੈਰੀਂ ਪੈਨਾਂ ਭੈਣ। ਹੋਰ ਸੁਣਾਓ, ਜੀਜਾ ਜੀ ਅਤੇ ਮੇਰੇ ਭਾਣਜੇ ਭਾਣਜੀ ਦਾ ਕੀ ਹਾਲ ਐ?"
"ਬੱਸ ਵੀਰ, ਗੁਰੂ ਦੀ ਕਿਰਪਾ ਨਾਲ਼ ਸਭ ਰਾਜ਼ੀ ਖੁਸ਼ੀ ਆਂ। ਹੋਰ ਮੇਰੀ ਭਾਬੋ ਰਾਣੀ ਕੀ ਕਰੀ ਜਾਂਦੀ ਐ? ਮਾਂ ਦੀ ਸਿਹਤ ਕਿਵੇਂ ਐਂ?" ਉਸ ਨੇ ਪੁੱਛਿਆ।
"ਭੈਣੇ, ਤੁਹਾਡੇ ਵੱਡਿਆਂ ਦੇ ਅਸ਼ੀਰਵਾਦ ਸਦਕਾ ਸਭ ਰਾਜ਼ੀ ਖੁਸ਼ੀ ਆਂ। ਚੜ੍ਹਦੀ ਕਲਾ 'ਚ ਆਂ। ਆਹ ਲਓ, ਮਾਂ ਜੀ ਨਾਲ਼ ਕਰੋ ਗੱਲ।" ਉਸ ਨੇ ਫ਼ੋਨ ਮਾਂ ਦੇ ਕੰਨ ਨਾਲ਼ ਲਾ ਦਿੱਤਾ।
ਮਾਂ ਨੇ ਉੱਚੀ-ਉੱਚੀ ਦੋ ਵਾਰ ਹੈ... ਲੋ, ਹੈ... ਲੋ ਕਿਹਾ। ਤਦ ਦੂਜੇ ਪਾਸੇ ਤੋਂ ਇੰਦਰਪ੍ਰੀਤ ਦੀ ਅਵਾਜ਼ ਆਈ,
"ਸਤਿ ਸ਼੍ਰੀ ਅਕਾਲ ਮਾਂ ਜੀ। ਹੋਰ ਸੁਣਾਓ, ਤੁਹਾਡੀ ਸਿਹਤ ਕਿਵੇਂ ਰਹਿੰਦੀ ਐ? ਮੇਰੀ ਭਾਬੋ ਰਾਣੀ ਦਾ ਕੀ ਹਾਲ਼ ਐ?"
ਮਾਂ ਨੇ ਹਲਕੀ ਜਿਹੀ ਖ਼ਾਂਸੀ ਕਰਕੇ ਗਲ਼ੇ ਨੂੰ ਸਾਫ਼ ਕਰਦਿਆਂ ਹੋਇਆਂ ਕਿਹਾ, "ਹਾਂ ਧੀਏ, ਸਿਹਤ ਤਾਂ ਮੇਰੀ ਚੰਗੀ ਭਲੀ ਐ। ਸੁੱਖ ਨਾਲ਼ ਬੈਠੀ ਬਿਠਾਈ ਨੂੰ ਤਿੰਨੋਂ ਡੰਗ ਤੱਤੀ ਰੋਟੀ ਮਿਲਦੀ ਐ। ਹੋਰ ਫ਼ਲ ਫ਼ਰੂਟ ਵੀ ਆਪਣੇ ਘਰ 'ਚ ਵਾਧੂ ਹੁੰਦੈ। ਤੂੰ ਦੱਸ, ਪ੍ਰਾਹੁਣਾ ਅਤੇ ਜੁਆਕ ਸਭ ਰਾਜ਼ੀ ਬਾਜ਼ੀ ਨੇਂ? ਨਾ ਧੀਏ ! ਕੱਲ੍ਹ ਨੂੰ ਸੁੱਖ ਨਾਲ਼ ਰੱਖੜੀ ਦਾ ਤਿਉਹਾਰ ਐ! ਤੂੰ ਆ ਜਾਂਦੀ ਕੱਲ੍ਹ ਨੂੰ। ਨਾ ਅੰਮ੍ਰਿਤਸਰ ਕਿਹੜਾ ਦੂਰ ਐ?"
ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਉਹ ਬੋਲੀ, "ਮਾਂ, ਅੰਮ੍ਰਿਤਸਰ ਜੇ ਦੂਰ ਨੀਂ, ਤਾਂ ਮੁਹਾਲੀ ਤੋਂ ਬਹੁਤਾ ਨੇੜੇ ਵੀ ਨਹੀਂ ਹੈ। ਘਰਾਂ ਦੇ ਕੰਮਕਾਜ ਹੀ ਇੰਨੇਂ ਹੁੰਦੇ ਆ, ਘਰਾਂ ਚੋਂ ਨਿੱਕਲਿਆ ਕਿਹੜਾ ਜਾਂਦੈ? ਪਹਿਲਾਂ ਤਾਂ ਮੇਰਾ ਆਉਣ ਦਾ ਕੋਈ ਇਰਾਦਾ ਨਹੀਂ ਸੀ। ਇਸੇ ਕਰਕੇ ਮੈਂ ਰੱਖੜੀਆਂ ਕੋਰੀਅਰ ਕਰਵਾ ਕੇ ਭੇਜ ਦਿੱਤੀਆਂ ਸਨ।"
"ਪਰੰਤੂ ਆਹ ਘੰਟਾ ਕੁ ਪਹਿਲਾਂ ਮੇਰੀ ਪਿਆਰੀ ਭਾਬੋ ਰਾਣੀ ਦਾ ਫ਼ੋਨ ਆਇਆ ਸੀ। ਉਹਨੇ ਪੂਰਾ ਜ਼ੋਰ ਦੇ ਕੇ ਮੈਨੂੰ ਅੰਮ੍ਰਿਤਸਰ ਆ ਕੇ ਆਪਣੇ ਵੀਰ ਨੂੰ ਰੱਖ਼ੜੀ ਬੰਨ੍ਹਣ ਲਈ ਕਿਹਾ ਹੈ। ਇਸ ਲਈ ਅਸੀਂ ਮੁਹਾਲੀ ਤੋਂ ਸੁਵੱਖਤੇ ਪੰਜ ਵਜੇ ਚੱਲ ਕੇ ਨੌਂ ਵਜੇ ਤੱਕ ਅੰਮ੍ਰਿਤਸਰ ਪਹੁੰਚ ਜਾਵਾਂਗੇ।"
"ਮਾਂ ਜੀ, ਮੈਂ ਇੱਥੇ ਆਪਣੇ ਆਲ਼ੇ ਦੁਆਲ਼ੇ ਵਥੇਰੇ ਘਰਾਂ 'ਚ ਵੇਖਦੀ ਹਾਂ। ਭਰਾ, ਭਰਾ ਨਾਲ਼ ਨਹੀਂ ਵਰਤਦੇ ਅਤੇ ਨਾ ਹੀ ਭੈਣ ਨਾਲ਼ ਵਰਤਦੇ ਨੇ। ਹੁਣ ਤਾਂ ਬੱਸ ਸਾਲੀ ਅਤੇ ਸਾਂਢੂ ਨਾਲ਼ ਹੀ ਰਿਸ਼ਤੇਦਾਰੀ ਬਾਕੀ ਰਹਿ ਗਈ। ਮਾਂ, ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ ਕਿ ਆਪਣਾ ਤਾਂ ਘਰ ਭਾਗਾਂ ਵਾਲ਼ਾ ਹੈ, ਜੋ ਸੁਖਜੀਤ ਜਿਹੀ ਪਿਆਰੀ ਕੁੜੀ ਨੇ ਆਪਣੇ ਘਰ ਨੂੰ ਭਾਗ ਲਾਏ ਨੇ। ਤੁਹਾਡੇ ਜੁਆਈ ਨੇ ਵੀ ਇਹੀ ਗੱਲ ਮੈਨੂੰ ਕਈ ਵਾਰੀ ਕਹੀ ਹੈ ਕਿ ਅੰਮ੍ਰਿਤਸਰ ਸੁਖਜੀਤ ਭੈਣ ਨੂੰ ਮਿਲ ਕੇ ਇੰਝ ਲੱਗਦਾ ਹੁੰਦੈ, ਜਿਵੇਂ ਆਪਣੀ ਸਕੀ ਭੈਣ ਨੂੰ ਮਿਲਿਆ ਹੋਵਾਂ।"
"ਮਾਂ ਤੂੰ ਤਾਂ ਬਹੁਤ ਚੰਗੇ ਕਰਮਾਂ ਵਾਲੀ ਹੈਂ, ਜੋ ਆਪਣਾ ਬੁਢਾਪਾ ਸੁਖਾਲੇ ਢੰਗ ਨਾਲ਼ ਨੂੰਹ, ਪੁੱਤ ਨਾਲ਼ ਕੱਟ ਰਹੀ ਐਂ। ਸੁਖਜੀਤ ਵਰਗੀਆਂ ਨੂੰਹਾਂ ਭਾਗਾਂ ਨਾਲ਼ ਮਿਲਦੀਆਂ ਨੇ। ਚੰਗਾ ਮਾਂ, ਮੈਂ ਹੁਣ ਘਰ ਦਾ ਰੋਟੀ ਟੁੱਕ ਵੀ ਕਰਨੈਂ ਅਤੇ ਕੱਲ੍ਹ ਸੁਵੱਖਤੇ ਇੱਥੋਂ ਤੁਰਨਾ ਵੀ ਹੈ।" ਇੰਨੀਆਂ ਗੱਲਾਂ ਕਹਿ ਕੇ ਉਸ ਨੇ ਫ਼ੋਨ ਕੱਟ ਦਿੱਤਾ।
ਬਚਨ ਕੌਰ ਅੱਖਾਂ ਬੰਦ ਕਰ ਕੇ ਅਣਜਾਣੇ ਵਿੱਚ ਆਪਣੀ ਨੂੰਹ ਨੂੰ ਬੋਲੀਆਂ ਕੌੜੀਆਂ ਕਸੈਲੀਆਂ ਕਰਕੇ ਪਛਤਾ ਰਹੀ ਸੀ। ਉਸੇ ਵੇਲੇ ਨੂੰਹ ਨੇ ਖੀਰ ਦੀ ਭਰੀ ਪਲੇਟ ਸੱਸ ਮਾਂ ਦੇ ਮੰਜੇ ਦੇ ਕੋਲ ਪਏ ਟੇਬਲ 'ਤੇ ਰੱਖਦਿਆਂ ਹੋਇਆਂ ਕਿਹਾ, "ਮਾਂ ਜੀ, ਆਹ ਜ਼ਰਾ ਖੀਰ ਖਾ ਕੇ ਦੱਸਿਓ, ਮਿੱਠਾ ਕਿਵੇਂ ਐਂ?
ਸੱਸ ਨੇ ਨੂੰਹ ਦਾ ਹੱਥ ਫ਼ੜ ਕੇ ਆਪਣੇ ਮੰਜੇ 'ਤੇ ਬਿਠਾਉਂਦਿਆਂ ਹੋਇਆਂ ਕਿਹਾ, "ਧੀਏ, ਮੈਨੂੰ ਮੁਆਫ਼ ਕਰ ਦੇ। ਮੇਰੀ ਚੰਦਰੀ ਜ਼ਬਾਨ ਪਤਾ ਨਹੀਂ ਤੈਨੂੰ ਕੀ ਕੀ ਬੋਲ ਗਈ? ਪਰ ਜਦ ਤੂੰ ਫੂਨ ਕਰਕੇ ਮੇਰੀ ਧੀ ਨੂੰ ਇੱਥੇ ਬੁਲਾਇਆ ਸੀ ਤਾਂ ਤੂੰ ਮੈਨੂੰ ਸਾਫ਼-ਸਾਫ਼ ਕਿਉਂ ਨੀਂ ਸੀ ਦੱਸਿਆ ਕਿ ਸਰਦਾਰੇ ਦੇ ਰੱਖੜੀ ਬੰਨ੍ਹਣ ਲਈ ਉਹਦੀ ਵੱਡੀ ਭੈਣ ਨੂੰ ਬੁਲਾਇਆ ਹੈ?"
ਸੁਖਜੀਤ ਨੇ ਸੱਸ ਮਾਂ ਨੂੰ ਗਲਵਕੜੀ ਪਾਉਂਦਿਆਂ ਹੋਇਆਂ ਕਿਹਾ,
"ਮਾਂ ਜੀ, ਮੈਂ ਤਾਂ ਤੁਹਾਨੂੰ ਬਿਲਕੁਲ ਸਹੀ ਕਿਹਾ ਸੀ ਕਿ ਕੱਲ੍ਹ ਨੂੰ ਵੱਡੇ ਭੈਣ ਜੀ ਅਤੇ ਭਾਅ ਜੀ ਆ ਰਹੇ ਹਨ। ਕਿਉਂ ਜੋ ਮੁਹਾਲੀ ਵਾਲੇ ਵੱਡੇ ਦੀਦੀ ਨੂੰ ਮੈਂ ਵੱਡੇ ਭੈਣ ਜੀ ਹੀ ਕਹਿੰਦੀ ਹਾਂ। ਪਰੰਤੂ ਜਦੋਂ ਤੁਸੀਂ ਇਹ ਸਮਝ ਲਿਆ ਕਿ ਮੇਰੇ ਵੱਡੇ ਦੀਦੀ ਅਤੇ ਜੀਜਾ ਜੀ ਆ ਰਹੇ ਹਨ ਤਾਂ ਮੈਂ ਸੋਚਿਆ ਕਿ ਚਲੋ ਜੇਕਰ ਮਾਂ ਨੂੰ ਹੁਣ ਭੁਲੇਖਾ ਲੱਗ ਹੀ ਗਿਆ ਹੈ ਤਾਂ ਕੁਝ ਦੇਰ ਇਹੀ ਸਸਪੈਂਸ ਬਣਾ ਕੇ ਰੱਖਦੇ ਹਾਂ। ਕੁਝ ਦੇਰ ਹਾਸਾ ਠੱਠਾ ਵੀ ਹੋਣਾ ਚਾਹੀਦੈ।"
"ਨਾਲ਼ੇ ਮਾਂ ਜੀ, ਮੁਹਾਲੀ ਵਾਲੇ ਭੈਣ ਜੀ ਤਾਂ ਕੱਲ੍ਹ ਨੂੰ ਆਉਣ ਲਈ ਤਿਆਰ ਹੀ ਨਹੀਂ ਸੀ ਹੁੰਦੇ। ਇਹ ਤਾਂ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਭੈਣ ਜੀ, ਤੁਹਾਡਾ ਆਪਣੀ ਛੋਟੀ ਭਾਬੀ ਨੂੰ ਮਿਲਣ ਲਈ ਜਮ੍ਹਾਂ ਈਂ ਜੀਅ ਨੀਂ ਕਰਦਾ, ਤਦ ਕਿਤੇ ਆਉਣ ਲਈ ਸਹਿਮਤ ਹੋਏ। ਨਾਲ਼ੇ ਮਾਂ, ਧੀਆਂ ਧਿਆਣੀਆਂ ਨੇ ਕਿਹੜਾ ਕਿਸੇ ਦਾ ਘਰ ਚੁੱਕ ਕੇ ਲੈ ਜਾਣਾ ਹੁੰਦੈ। ਇਹ ਤਾਂ ਸਗੋਂ ਆਪਣੇ ਬਾਬੁਲ ਦੇ ਵਿਹੜੇ ਦੀ, ਆਪਣੇ ਵੀਰਾਂ ਦੀ, ਆਪਣੀਆਂ ਭਾਬੀਆਂ ਦੀ, ਆਪਣੇ ਭਤੀਜੇ ਭਤੀਜੀਆਂ ਦੀ ਸਦਾ ਸੁੱਖ ਈ ਮੰਗਦੀਆਂ ਆਈਆਂ ਨੇ। ਮਾਂ ਜੀ ਇਹ ਤਿੱਥ ਤਿਉਹਾਰ ਤਾਂ ਭੈਣ ਭਰਾਵਾਂ ਦੇ ਮੇਲ ਮਿਲਾਪ ਦੇ ਵਸੀਲੇ ਹਨ, ਨਹੀਂ ਤਾਂ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕੀਹਦੇ ਕੋਲ ਟਾਈਮ ਐ?"
ਨੂੰਹ ਦੀਆਂ ਇੰਨੀਆਂ ਸਿਆਣਪ ਭਰੀਆਂ ਗੱਲਾਂ ਸੁਣ ਕੇ ਬਚਨ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।
ਡਾ. ਇਕਬਾਲ ਸਿੰਘ ਸਕਰੌਦੀ
06, ਥਲੇਸ ਬਾਗ਼ ਕਲੋਨੀ ਸੰਗਰੂਰ, ਪੰਜਾਬ ਭਾਰਤ।
0 Comments